ਨਦੀਨਾਂ ਦੀ ਰੋਕਥਾਮ
  • ਚਿੱਟੀ ਮੱਖੀ ਅਤੇ ਪੱਤਾ ਮਰੋੜ ਬਿਮਾਰੀ ਦੇ ਬਦਲਵੇਂ ਪੌਦੇ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁਠਕੰਡਾ ਅਤੇ ਗੁੱਤ ਪੁੱਟਣਾ ਆਦਿ ਨਸ਼ਟ ਕਰ ਦਿਓ।

  • ਵੱਟਾਂ, ਪਾਣੀ ਦੇ ਖਾਲਿਆਂ ਅਤੇ ਬੇਕਾਰ ਪਈ ਭੂਮੀ ਚੋਂ ਕੰਘੀ ਬੂਟੀ, ਪੀਲੀ ਬੂਟੀ, ਕਾਂਗਰਸ ਘਾਹ, ਪੁਠਕੰਡਾ, ਗੁੱਤ ਪੁੱਟਣਾ, ਭੱਖੜਾ, ਇਟ ਸਿਟ ਅਤੇ ਤਾਂਦਲਾ ਨੂੰ ਨਾਸ਼ ਕਰ ਦਿਓ, ਕਿਉਂਕਿ ਇਨ੍ਹਾਂ ਉੱਪਰ ਟੀਂਡੇ ਦੀ ਚਿਤਕਬਰੀ ਸੁੰਡੀ /ਮੀਲੀ ਬੱਗ ਪਲਦੀ ਹੈ।

  • ਮੀਲੀ ਬੱਗ ਦੇ ਹਮਲਾ ਵਾਲੇ ਨਦੀਨਾਂ ਨੂੰ ਪੁੱਟ ਕੇ ਕਪਾਹ ਦੇ ਖੇਤਾਂ ਵਿੱਚ ਅਤੇ ਪਾਣੀ ਦੇ ਖਾਲਿਆਂ ਵਿੱਚ ਨਾ ਸੁੱਟੋ।

  • ਅਪ੍ਰੈਲ ਦੇ ਮਹੀਨੇ ਤੱਕ ਹਰ ਮਹੀਨੇ ਇਹ ਕੰਮ ਲਗਾਤਾਰ ਕਰਦੇ ਰਹੋ।

ਬਿਜਾਈ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨ ਨਾਸ਼ਕ

  • ਟਰੈਫਲਿਣ 48 ਤਾਕਤ, ਇੱਕ ਲੀਟਰ ਪ੍ਰਤੀ ਏਕੜ 100 ਲੀਟਰ ਪਾਣੀ ਦੀ ਮਾਤਰਾ ਵਿੱਚ

  • ਸ਼ਕਤੀਮਾਨ ਟ੍ਰਾਈਫਲੂਰੈਕਸ 48 ਤਾਕਤ ਇੱਕ ਲੀਟਰ ਪ੍ਰਤੀ ਏਕੜ 100 ਲੀਟਰ ਪਾਣੀ ਦੀ ਮਾਤਰਾ ਵਿੱਚ

ਫ਼ਸਲ ਜੰਮਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਨਦੀਨ ਨਾਸ਼ਕ

  • ਸਟੌਂਪ 30 ਤਾਕਤ ਦਾ ਇੱਕ ਲੀਟਰ ਪ੍ਰਤੀ ਏਕੜ 200-250 ਲੀਟਰ ਪਾਣੀ ਦੀ ਮਾਤਰਾ ਵਿੱਚ ਛਿੜਕਾਅ ਕਰਨਾ ਚਾਹੀਦਾ ਹੈ। ਇਸ ਨਦੀਨ ਨਾਸ਼ਕ ਦਾ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਨਦੀਨ ਜੰਮਣ ਤੋਂ ਬਾਅਦ ਵਰਤੇ ਜਾਣ ਵਾਲੇ ਨਦੀਨ ਨਾਸ਼ਕ (6 ਤੋਂ 8 ਹਫਤੇ ਬਾਦ)
  • ਗਰੈਮਕਸੋਨ 24 ਪ੍ਰਤੀਸ਼ਤ (ਪੈਰਾਕੁਐਟ) 500 ਮਿ:ਲੀ: ਪ੍ਰਤੀ ਏਕੜ 100 ਲੀਟਰ ਪਾਣੀ ਨਾਲ

  • ਰਾਊਂਡਅਪ 41 ਪ੍ਰਤੀਸ਼ਤ/ਗਲਾਈਸਲ 41 ਪ੍ਰਤੀਸ਼ਤ (ਗਲਾਈਫੋਸੇਟ) ਇੱਕ ਲੀਟਰ ਪ੍ਰਤੀ ਏਕੜ 100 ਲੀਟਰ ਪਾਣੀ ਦੀ ਮਾਤਰਾ ਨਾਲ

  • ਏਕਸੇਲ ਮੇਰਾ 71 ਤਾਕਤ 600 ਗ੍ਰਾਮ ਪ੍ਰਤੀ ਏਕੜ 100 ਲੀਟਰ ਪਾਣੀ ਦੀ ਮਾਤਰਾ ਨਾਲ

ਨਰਮੇਂ ਉੱਤੇ 2, 4-ਡੀ ਦਾ ਅਸਰ ਅਤੇ ਇਸ ਤੋਂ ਬਚਾਅ

ਨਰਮੇ ਦੀ ਫਸਲ ਨਦੀਨ ਨਾਸ਼ਕ 2, 4- ਡੀ ਨਾਲ ਬਹੁਤ ਜਲਦੀ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਦੇ ਮਾੜੇ ਅਸਰ ਕਰਕੇ ਪੱਤੇ ਲੰਬੂਤਰੇ ਜਿਹੇ ਹੋ ਜਾਂਦੇ ਹਨ।

  • ਇਸ ਨਦੀਨ ਨਾਸ਼ਕ ਦੀ ਬਹੁਤ ਥੌੜੀ ਮਾਤਰਾ ਵੀ ਫਸਲ ਦਾ ਭਾਰੀ ਨੁਕਸਾਨ ਕਰ ਸਕਦੀ ਹੈ। ਅਜਿਹੀ ਹਾਲਤ ਵਿੱਚ ਫਸਲ ਦੇ ਪੱਤੇ ਲੰਬੂਤਰੇ, ਝੁਰੜ ਮੁਰੜ ਹੋ ਜਾਂਦੇ ਹਨ ਜਿਸ ਨੂੰ ਆਮ ਭਾਸ਼ਾ ਵਿੱਚ ਬਾਂਦਰ ਪੰਜਾ ਵੀ ਕਿਹਾ ਜਾਂਦਾ ਹੈ।ਬੂਟਾ ਕੁੱਝ ਸਮੇਂ ਲਈ ਇਸ ਤਰ੍ਹਾਂ ਦੇ ਪੱਤੇ ਕੱਢਦਾ ਹੈ ਅਤੇ ਬਾਅਦ ਵਿੱਚ ਇਨ੍ਹਾਂ ਪੱਤਿਆਂ ਦਾ ਆਕਾਰ ਠੀਕ ਹੋ ਜਾਂਦਾ ਹੈ।

  • ਇਸ ਕਰਕੇ ਕਿਸਾਨਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਇਸ ਦੇ ਮਾੜੇ ਅਸਰ ਨੂੰ ਠੀਕ ਕਰਨ ਲਈ ਗੈਰ ਵਿਗਿਆਨੀਆਂ ਦੀ ਸਲਾਹ ਤੇ ਕਿਸੇ ਤਰ੍ਹਾਂ ਦੀ ਦਵਾਈ ਦੀ ਵਰਤੋਂ ਨਾ ਕਰਨ।ਅਜਿਹਾ ਕਰਨ ਨਾਲ ਫਸਲ ਠੀਕ ਹੋਣ ਵਿੱਚ ਤਾਂ ਕੋਈ ਮਦਦ ਨਹੀਂ ਮਿਲੇਗੀ ਪਰ ਖੇਤੀ ਖਰਚ ਵਿੱਚ ਵਾਧਾ ਜ਼ਰੂਰ ਹੋਵੇਗਾ।

  • ਫਸਲ ਦੀ ਜਲਦੀ ਜਾਂ ਦੇਰ ਨਾਲ ਠੀਕ ਹੋਣ ਦੀ ਪ੍ਰਕਿਰਿਆ 2, 4-ਡੀ ਦੀ ਮਾਤਰਾ ਤੇ ਨਿਰਭਰ ਕਰਦੀ ਹੈ।

ਕਾਰਨ:

  • ਕਈ ਕਿਸਾਨ ਵੀਰ ਆਪਣੇ ਸਟੋਰ ਵਿਚੋਂ ਪਿਛਲੇ ਸਾਲ ਦੀ ਬਚੀ ਹੋਈ 2, 4-ਡੀ ਨਦੀਨ ਨਾਸ਼ਕ ਜ਼ਹਿਰ ਨੂੰ ਕੀਟ ਨਾਸ਼ਕ ਜ਼ਹਿਰ ਸਮਝ ਕੇ ਛਿੜਕਾਅ ਕਰ ਦਿੰਦੇ ਹਨ। ਜਿਸਦੇ ਨਤੀਜੇ ਵਜੋਂ ਸਾਰੀ ਫਸਲ ਤਬਾਹ ਹੋ ਜਾਂਦੀ ਹੈ।

  • ਆਮ ਤੌਰ ਤੇ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਉੱਲੀ ਨਾਸ਼ਕ ਜ਼ਹਿਰਾਂ ਨੂੰ ਇੱਕੋ ਜਗ੍ਹਾ ਰੱਖਿਆ ਜਾਂਦਾ ਹੈ। 2, 4-ਡੀ ਖਾਸ ਕਰਕੇ ਐਮਾਈਨ ਜਾਂ ਐਸਟਰ ਸਾਲਟ ਦੇ ਕਣ ਕੀਟ ਨਾਸ਼ਕ ਜ਼ਹਿਰਾਂ ਵਿੱਚ ਮਿਲ ਜਾਂਦੇ ਹਨ ਅਤੇ ਜਦੋਂ ਇਹ ਕੀਟ ਨਾਸ਼ਕ ਜ਼ਹਿਰਾਂ ਕਿਸਾਨ ਖੇਤ ਵਿੱਚ ਛਿੜਕਦੇ ਹਨ ਤਾਂ ਉਸ ਨਾਲ ਵੀ ਫਸਲ ਦਾ ਨੁਕਸਾਨ ਹੋ ਸਕਦਾ ਹੈ।

  • ਕਈ ਵਾਰ ਨਰਮੇ ਵਾਲੇ ਖੇਤਾਂ ਦੇ ਆਲੇ ਦੁਆਲੇ ਦੂਸਰੀਆਂ ਫਸਲਾਂ ਵਿੱਚ 2, 4-ਡੀ ਵਰਤੋਂ ਕਰਨ ਨਾਲ ਵੀ ਆ ਜਾਂਦਾ ਹੈ।ਕਈ ਕਿਸਾਨ ਸਾਉਣੀ ਵਿੱਚ 2, 4-ਡੀ ਦਾ ਇਸਤੇਮਾਲ ਕਣਕ, ਕਮਾਦ, ਝੋਨਾ ਜਾਂ ਮੱਕੀ ਵਿੱਚ ਵੀ ਕਰਦੇ ਹਨ।ਅਜਿਹੇ ਸਪਰੇਅ ਪੰਪ ਨੂੰ ਜੇਕਰ ਚੰਗੀ ਤਰ੍ਹਾਂ ਸਾਫ ਨਾ ਕੀਤਾ ਜਾਵੇ ਅਤੇ ਨਰਮੇ ਉਤੇ ਸਪਰੇ ਲਈ ਵਰਤ ਲਿਆ ਜਾਵੇ ਤਾਂ ਨਰਮੇ ਉੱਤੇ ਇਸ ਦਾ ਨੁਕਸਾਨ ਹੋ ਸਕਦਾ ਹੈ।

    ਰੋਕਥਾਮ: ਅਜੇ ਤੱਕ 2, 4-ਡੀ ਦੇ ਭੈੜੇ ਅਸਰ ਨੂੰ ਖਤਮ ਕਰਨ ਲਈ ਕੋਈ ਐਂਟੀਡੋਟ ਨਹੀਂ ਲੱਭਿਆ ਹੈ। ਫਸਲ ਦੇ ਨੁਕਸਾਨ ਨੂੰ ਘਟਾਉਣ ਲਈ ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੀ ਲਾਅਮਤ ਆ ਜਾਵੇ ਤਾਂ ਫਸਲ ਦੇ ਟੂਸੇ ਤੋੜ ਦਿਓ ਤਾਂ ਜੋ ਬੂਟੇ ਵਿੱਚ ਦਵਾਈ ਦੀ ਮਾਤਰਾ ਘਟ ਜਾਵੇ। ਜੇਕਰ ਨਦੀਨ ਨਾਸ਼ਕ ਜ਼ਹਿਰਾਂ ਵਾਲਾ ਸਪਰੇਅ ਪੰਪ ਨਰਮੇਂ ਨਰਮੇ ਤੇ ਕੀੜੇ ਮਾਰ ਜ਼ਹਿਰਾਂ ਲਈ ਵਰਤਣਾ ਹੋਵੇ ਤਾਂ ਉਸਨੂੰ ਚੰਗੀ ਤਰ੍ਹਾਂ 0.5% ਕੱਪੜੇ ਧੋਣ ਵਾਲੇ ਸੋਢੇ (500 ਗ੍ਰਾਮ ਸੋਢਾ 100 ਲਿਟਰ ਪਾਣੀ ਵਿੱਚ) ਨਾਲ ਸਾਫ ਕਰੋ। ਪੰਪ ਨੂੰ ਘੋਲ ਵਿੱਚ 12 ਘੰਟੇ ਤੱਕ ਡੋਬ ਕੇ ਰੱਖੋ ਅਤੇ ਬਾਅਦ ਵਿੱਚ ਇਸ ਨੂੰ ਕਈ ਵਾਰ ਸਾਫ ਪਾਣੀ ਨਾਲ ਧੋ ਲਓ। ਸੋਢੇ ਵਾਲੇ ਪਾਣੀ ਦੀ ਚੰਗੀ ਮਾਤਰਾ ਪੰਪ ਦੀ ਨੋਜ਼ਲ ਅਤੇ ਪਾਈਪ ਵਿੱਚੋਂ ਵੀ ਬਾਹਰ ਕੱਢੋ ਤਾਂ ਜੋ ਪੰਪ ਦੇ ਇਹ ਹਿੱਸੇ ਵੀ 2, 4-ਡੀ ਤੋਂ ਰਹਿਤ ਹੋ ਸਕਣ। ਇਸੇ ਤਰ੍ਹਾਂ ਸਪਰੇਅ ਲਈ ਵਰਤੇ ਜਾਣ ਵਾਲੇ ਡੱਬੇ, ਟਬ ਆਦਿ ਵੀ ਚੰਗੀ ਤਰ੍ਹਾਂ ਸੋਢੇ ਵਾਲੇ ਪਾਣੀ ਨਾਲ ਧੋ ਲਓ। ਵੇਲੇ ਸਿਰ ਸਹੀ ਧਿਆਨ ਦੇਣ ਨਾਲ ਇਸ ਨੁਕਸਾਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਟਸਿਟ

ਤਾਂਦਲਾ

ਚੁਲਾਈ

ਕੰਘੀ ਬੂਟੀ

ਕਾਂਗਰਸ ਘਾਹ

Designed and Developed by: Dr. A. K. Dhawan. All rights reserved.